ਸੰਦੇਸ਼

ਪਿਆਰੇ ਵਿਦਿਆਰਥੀਓ ਮਹਾਰਾਜਾ ਰਿਪੁਦਮਨ ਸਿੰਘ ਦੇ ਮਹਿਲ ਵਿੱਚ 1946 ਤੋਂ ਸਿੱਖਿਆ ਵੰਡਦਾ ਸਰਕਾਰੀ ਰਿਪੁਦਮਨ ਕਾਲਜ ਨਾਭਾ ਮਾਲਵਾ ਖਿੱਤੇ ਦੀ ਇਕ ਸਿਰਮੌਰ ਸੰਸਥਾ ਹੈ ਜਿਸ ਨੇ ਅਨੇਕਾਂ ਅਜਿਹੀਆ ਵਿਲੱਖਣ ਸ਼ਖਸ਼ੀਅਤਾਂ ਦੀ ਘਾੜਤ ਘੜੀ ਹੈ ਜਿਨ੍ਹਾਂ ਨੇ ਨਿਹਾਇਤ ਜਿੰਮੇਵਾਰੀ ਵਾਲੇ ਅਹੁਦਿਆਂ ਤੇ ਸੇਵਾਵਾਂ ਪ੍ਰਦਾਨ ਕਰਦੇ ਹੋਏ ਸਮਾਜ ਅਤੇ ਕੌਮ ਦੇ ਨਿਰਮਾਣ ਵਿੱਚ ਵਡਮੁੱਲਾ  ਯੋਗਦਾਨ ਪਾਇਆ ਹੈ।


ਇਸ ਸ਼ਾਨਾਮੱਤੇ ਇਤਿਹਾਸ ਵਾਲੀ ਸੰਸਥਾ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ ਆਖਦਾ ਹਾਂ।ਅੱਜ ਅਸੀ ਜੀਵਨ ਦੇ ਹਰ ਖੇਤਰ ਵਿੱਚ ਇਕ ਜ਼ਬਰਦਸਤ ਮੁਕਾਬਲੇ ਦੇ ਦੌਰ ਵਿੱਚੋਂ ਗੁਜਰ ਰਹੇ ਹਾਂ ਜਿਸ ਦਾ ਸਾਹਮਣਾ ਕਰਨ ਲਈ ਅਸੀਂ ਆਪਣੇ ਆਪ ਨੂੰ ਸਮਰੱਥ ਬਣਾਉਣਾ ਹੈ ਅਕਾਦਮਿਕ ਪ੍ਰਾਪਤੀਆਂ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਇਕ ਅਟੁੱਟ ਅੰਗ ਬਣਾਉਣਾ ਵੀ ਅਤਿ ਜ਼ਰੂਰੀ ਹੈ ਕਿਉਂਕਿ ਇਕ ਚੰਗੀ ਸੋਚ ਵਾਲਾ ਵਿਅਕਤੀ ਹੀ ਇਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦਾ ਹੈ । ਤੁਸੀ ਜਿੰਦਗੀ ਵਿੱਚ ਡਾਕਟਰ, ਇੰਜੀਨੀਅਰ , ਅਧਿਆਪਕ ਜਾਂ ਪ੍ਰਸ਼ਾਸਕ ਬਣਨ ਦੇ ਸੁਪਨੇ ਸੰਜੋਏ ਹੋਣਗੇ ਜੋ ਕਿ ਮੁਬਾਰਕ ਹੈ ਪ੍ਰੰਤੂ ਇਸ ਦੇ ਨਾਲ ਨਾਲ ਇਸ ਗੱਲ ਦਾ ਬਾਖੂ਼ਬੀ ਧਿਆਨ ਰਹੇ ਕਿ


“ ਕੁੱਝ ਵੀ ਬਣੋ ਮੁਬਾਰਕ ਹੈ
ਬੱਸ ਪਹਿਲਾ ਇਨਸਾਨ ਬਣੋ ”


ਤੁਹਾਡੀ ਸਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਇਸ ਸੰਸਥਾ ਵਿੱਚ ਸਹਿ—ਵਿਦਿਅਕ ਗਤੀਵਿਧੀਆਂ ਜਿਵੇਂ ਕਿ ਐਨ.ਐਸ.ਐਸ, ਐਨ.ਸੀ.ਸੀ , ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੀ ਵਿਸ਼ੇਸ਼ ਵਿਵਸਥਾ ਹੈ।ਤੁਹਾਡੇ ਉਦੇਸ਼ਾ ਦੀ ਪ੍ਰਾਪਤੀ ਲਈ ਇੱਥੋਂ ਦਾ ਮੇਹਨਤੀ ਅਤੇ ਤਜ਼ਰਬੇਕਾਰ ਸਟਾਫ ਹਮੇਸ਼ਾ ਪੱਬਾ ਭਾਰ ਹੈ।


ਅੰਤ ਵਿੱਚ ਮੈਂ ਇਸ ਸੰਸਥਾ ਦੀ ਚੜ੍ਹਦੀਕਲਾ ਲਈ ਨਿਰੰਕਾਰ ਵਾਹਿਗੂਰੁ ਅੱਗੇ ਅਰਦਾਸ—ਜੋਦੜੀ ਕਰਦੀ  ਹਾਂ।


ਰਾਜ ਕੁਮਾਰੀ 
ਪ੍ਰਿੰਸੀਪਲ
ਪੀ.ਈ.ਐਸ—1